ਫਿਲੌਰ- ਇਲਾਕੇ ਦੇ ਪੱਤਰਕਾਰਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਦੇ
ਗਵਰਨਰ ਅਤੇ ਮੁੱਖ ਮੰਤਰੀ ਨੂੰ ਭੇਜੇ ਇੱਕ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਪ੍ਰੈੱਸ ਦੀ
ਆਜ਼ਾਦੀ ਨੂੰ ਬਹਾਲ ਕਰਨ ਲਈ ਪਹਿਲਕਦਮੀ ਕੀਤੀ ਜਾਵੇ। ਵਰਨਣਯੋਗ ਹੈ ਕਿ ਬੰਗਾ ਕਸਬੇ ਤੋਂ 14
ਫਰਵਰੀ 2013 ਨੂੰ ਉਸ ਵੇਲੇ ਦੇ ਐਸਡੀਐਮ ਵੱਲੋਂ ਸ਼ਹੀਦ ਭਗਤ ਸਿੰਘ ਦੇ ਬੁੱਤ ਦਾ ਨਿਰਾਦਰ
ਕਰਨ ਸਬੰਧੀ ਕਈ ਪੱਤਰਕਾਰਾਂ ਨੇ ਅਖ਼ਬਾਰਾਂ 'ਚ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਸਨ। ਜਿਸ 'ਚ ਉਸ
ਵੇਲੇ ਦੇ ਐਸਡੀਐਮ, ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਪੈਰ ਰੱਖ ਕੇ ਧੁੱਪ ਸੇਕ ਰਹੇ ਸਨ।
ਇਸ ਸਬੰਧੀ ਉਸ ਵੇਲੇ ਦੀ ਸਰਕਾਰ ਨੇ ਇਸ ਮਾਮਲੇ ਦੀ ਪੜਤਾਲ ਕੀਤੀ ਸੀ ਅਤੇ ਉਕਤ ਅਧਿਕਾਰੀ
ਨੇ ਮੁਆਫ਼ੀ ਵੀ ਮੰਗ ਲਈ ਸੀ। ਹੁਣ ਉਕਤ ਅਧਿਕਾਰੀ ਨੇ ਬਦਲਾਖੋਰੀ ਦੀ ਭਾਵਨਾ ਨਾਲ ਕੁੱਝ
ਪੱਤਰਕਾਰਾਂ 'ਤੇ ਮਾਣਹਾਨੀ ਅਤੇ ਬਲੈਕਮੇਲਿੰਗ ਦਾ ਕੇਸ ਸੰਗਰੂਰ ਦੀ ਅਦਾਲਤ 'ਚ ਕੀਤਾ ਹੋਇਆ
ਹੈ। ਇੱਥੋਂ ਦੇ ਐਸਡੀਐਮ ਸ਼੍ਰੀ ਵਰਿੰਦਰਪਾਲ ਸਿੰਘ ਬਾਜਵਾ ਨੂੰ ਮੰਗ ਪੱਤਰ ਦੇਣ ਉਪਰੰਤ
ਗੁਰਾਇਆ, ਫਿਲੌਰ ਤੇ ਅੱਪਰਾ ਦੇ ਪੱਤਰਕਾਰਾਂ ਦੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ
ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦੀ ਪਹਿਲਾ ਹੀ ਕੀਤੀ ਜਾਂਚ ਦੇ ਅਧਾਰ
'ਤੇ ਸਰਕਾਰ ਖ਼ੁਦ ਇਸ ਕੇਸ 'ਚ ਧਿਰ ਬਣੇ ਅਤੇ ਪ੍ਰੈੱਸ ਦੀ ਆਜ਼ਾਦੀ ਨੂੰ ਬਹਾਲ ਕਰਵਾਏ।